![]() |
MOORAN |
![]() |
MAHARAJA |
ਸੂਰਜ ਦੀ ਟਿੱਕੀ ਦੂਰ ਪੱਛਮ ਵੱਲ ਡਿੱਗਣ ਲੱਗੀ ਹੀ ਹੈ। ਰਾਵੀ ਕੰਢੇ ਵਸੇ ਲਾਹੌਰ ਦੀ ਹੀਰਾ ਮੰਡੀ ਦਸਤੂਰ ਮੁਤਾਬਕ ਰੰਗੀਨ ਰਾਤ ਦੀ ਤਿਆਰੀ ਵਿਚ ਜੁਟੀ ਹੋਈ ਹੈ। ਤਿੰਨ ਘੋੜ ਸਵਾਰ ਮੰਡੀ ਦੀ ਗਸ਼ਤ ਕਰ ਰਹੇ ਹਨ। ਭੇਸ-ਭੂਸ਼ਾਂ ਅਤੇ ਵਸਤਰਾਂ ਤੋਂ ਦੇਖਣ ਨੂੰ ਉਹ ਸੋਦਾਗਰ ਪ੍ਰਤੀਤ ਹੁੰਦੇ ਹਨ। ਉਨ੍ਹਾਂ ਵਿਚੋਂ ਇਕ ਘੋੜ ਸਵਾਰ ਦੇ ਸੂਫੀਆਨਾ ਬਾਣਾ ਤੇ ਖੋਜੀ ਦਾਹੜੀ ਹੈ। ਦੂਜੇ ਦੇ ਖੁੱਲ੍ਹੀ ਦਾਹੜੀ ਅਤੇ ਵਾਲ ਖੱਲ੍ਹੇ ਛੱਡ ਕੇ ਦਸਤਾਰ ਸਜਾਈ ਹੋਈ ਹੈ। ਤੀਜਾ ਜਿਸਦੀ ਲੰਮੀ ਦਾਹੜੀ ਤੇ ਮੁੱਛਾਂ ਮਰੋੜੀਆਂ ਹੋਈਆਂ ਹਨ, ਉਨ੍ਹਾਂ ਦਾ ਸਰਦਾਰ ਜਾਪਦਾ ਹੈ। ਉਸਨੇ ਮੜਾਸਾ ਮਾਰ ਕੇ ਬੇਤਰਤੀਬੀ ਜਿਹੀ ਪੱਗ ਬੰਨ੍ਹੀ ਹੋਈ ਹੈ ਤੇ ਲੜ੍ਹ ਖੁੱਲ੍ਹਾ ਛੱਡ ਕੇ ਆਪਣੀ ਇਕ ਅੱਖ ਲਕੋਈ ਹੋਈ ਹੈ। ਇਹ ਖੱਬੀ ਅੱਖ ਉਸਦੀ ਬਚਪਨ ਵਿਚ ਚੇਚਕ ਦੀ ਬਿਮਾਰੀ ਨਾਲ ਜਾਂਦੀ ਲੱਗੀ ਸੀ।ਮੂੰਹ ਉੱਤੇ ਮਾਤਾ ਦੇ ਦਾਗਾਂ ਦੀ ਤਾਂ ਉਹ ਬਹੁਤੀ ਪਰਵਾਹ ਨਹੀਂ ਕਰਦਾ। ਹਾਂ, ਅੱਖ ਦਾ ਕੋਹਜ ਉਸ ਨੂੰ ਨਿਰਸੰਦੇਅ ਬਹੁਤ ਪ੍ਰਭਾਵਿਤ ਅਤੇ ਪੀੜਤ ਕਰਦਾ ਹੈ।
ਤਿੰਨੇ ਮੰਡੀ ਦੇ ਵਿਚਕਾਰ ਆ ਕੇ ਕੁਝ ਵਿਚਾਰ ਵਟਾਂਦਰਾ ਕਰ ਰਹੇ ਹੁੰਦੇ ਹਨ ਕਿ ਨਜ਼ਦੀਕੀ ਕੋਠੇ ਤੋਂ ਇਕ ਕੰਜਰੀ ਗਿੱਲੇ ਵਾਲ ਝਟਕ ਕੇ ਕਪੜੇ ਨਾਲ ਬਨੇਰੇ ਦੀ ਵੱਟ 'ਤੇ ਬੈਠ ਕੇ ਸੁਕਾਉਣ ਲੱਗਦੀ ਹੈ। ਗਿੱਲੇ ਵਾਲਾਂ ਦੇ ਛਿੱਟੇ ਪੈਣ ਨਾਲ ਤਿੰਨੇ ਘੋੜ ਸਵਾਰ ਉੱਪਰ ਮੁੰਡੇਰ ਵੱਲ ਦੇਖਦੇ ਹਨ।ਕਾਣੀ ਅੱਖ ਵਾਲੇ ਘੋੜ ਸਵਾਰ ਦੀ ਨਜ਼ਰ ਉਸ ਕੰਜਰੀ 'ਤੇ ਐਸੀ ਅਟਕਦੀ ਹੈ ਕਿ ਉਹ ਪਲਕਾਂ ਝਮਕਣੀਆਂ ਭੁੱਲ ਜਾਂਦਾ ਹੈ।ਉਹ ਆਪਣੇ ਲੱਕ ਨਾਲ ਬੰਨ੍ਹੀ ਸੁਰਾਹੀ ਦਾ ਡੱਕਣ ਖੋਲ੍ਹ ਕੇ ਸੁੱਕੀ ਸ਼ਰਾਬ ਦੀਆਂ ਗਟਾਗਟ ਤਿੰਨ ਚਾਰ ਘੁੱਟਾਂ ਭਰ ਕੇ ਕੁੜੱਤਣ ਤੋਂ ਨਿਜਾਤ ਪਾਉਣ ਲਈ ਖੰਘੂਰਾ ਮਾਰਦਾ ਹੈ ਤੇ ਆਪਣੇ ਨਾਲ ਦੇ ਸਾਥੀ ਨੂੰ ਪੁੱਛਦਾ ਹੈ, "ਹੀਰਾ ਮੰਡੀ ਦਾ ਇਹ ਹੀਰਾ ਕੌਣ ਹੈ?"
"ਮਹਾਰਾਜ, ਇਹ ਮੋਰਾਂ ਕੰਚਨੀ ਹੈ। ਇਹਦੀ ਮਾਂ ਖੁਦ ਆਪਣੇ ਸਮੇਂ ਦੀ ਮਸ਼ਹੂਰ ਨ੍ਰਿਤਕੀ ਸੀ ਤੇ ਅਨੇਕਾਂ ਮਹਾਰਾਜਿਆਂ ਦੀ ਰਖੇਲ ਰਹਿ ਚੁੱਕੀ ਹੈ। ਪਹਿਲਾਂ ਇਹ ਅੰਮ੍ਰਿਤਸਰ ਦੇ ਰੰਡੀ ਬਜ਼ਾਰ ਵਿਚ ਨੱਚਿਆ ਕਰਦੀ ਸੀ। ਹੁਣੇ ਹੁਣੇ ਹੀ ਲਾਹੌਰ ਆਈ ਹੈ।" ਸੂਫੀਆਨਾ ਬਾਣੇ ਵਾਲਾ ਬਿਆਨ ਕਰਦਾ ਹੈ।
ਕਾਣੀ ਅੱਖ ਵਾਲੇ ਨੂੰ ਅਸਚਰਜ ਹੁੰਦਾ ਹੈ, "ਇਹ ਅੰਮ੍ਰਿਤਸਰ ਵਿਚ ਸੀ ਤੇ ਸਾਨੂੰ ਪਤਾ ਵੀ ਨਹੀਂ ਚੱਲਿਆ!"
"ਮਹਾਰਾਜ, ਇਹ ਕਵਰ ਖੜ੍ਹਕ ਸਿੰਘ ਦੀ ਪੈਦਾਇਸ਼ ਦੇ ਜ਼ਸ਼ਨਾਂ ਵਿਚ ਵੀ ਸ਼ਰੀਕ ਸੀ। ਤੁਸੀਂ ਉਦੋਂ ਨਸ਼ੇ ਵਿਚ ਹੋਣ ਕਰਕੇ ਤਵੱਜੋਂ ਨਹੀਂ ਦਿੱਤੀ। ਹਾਂ ਸੱਚ! ਤੁਸੀਂ ਕੁਝ ਵਰ੍ਹੇ ਪਹਿਲਾਂ ਇਕ ਮਹਿਫਿਲ ਵਿਚ ਇਸ ਦਾ ਮੁਜ਼ਰਾ ਵੇਖ ਚੁੱਕੇ ਹੋ। ਉਦੋਂ ਇਹ ਮਸਾਂ ਬਾਰ੍ਹਾਂ-ਤੇਰ੍ਹਾਂ ਸਾਲਾਂ ਦੀ ਸੀ। ਭੁੱਲ ਗਏ ਲਖਨਊ ਦੀ ਉਹ ਮਹਿਫਿਲ…?"
![]() |
MUJRA |
ਕਾਣੀ ਅੱਖ ਵਾਲਾ ਆਪਣੀ ਯਾਦਾਸ਼ਤ ਉੱਤੇ ਜ਼ੋਰ ਪਾਉਂਦਾ ਹੈ। ਉਸ ਨੂੰ ਯਾਦ ਆ ਜਾਂਦਾ ਹੈ ਕਿ ਲਖਨਊ ਦੇ ਨਵਾਬਾਂ ਦੀ ਇਕ ਮਹਿਫਿਲ ਵਿਚ ਉਸਨੇ ਕਿਸੇ ਖੂਬਸੂਰਤ ਕਮਸਿਨ ਜਿਹੀ ਲੜਕੀ ਦੇ ਨਾਚ ਤੋਂ ਪ੍ਰਸੰਨ ਹੋ ਕੇ ਪੈਸਿਆਂ ਦਾ ਮੀਂਹ ਵਰ੍ਹਾਂ ਦਿੱਤਾ ਸੀ। ਜੇ ਉਸ ਵਕਤ ਉਸ ਨੇ ਜੰਗ ਦੀ ਤਿਆਰੀ ਨਾ ਕਰਨੀ ਹੁੰਦੀ ਤਾਂ ਉਸ ਬਾਲੜੀ ਨਾਚੀ ਨੂੰ ਉਸੇ ਵਕਤ ਚੁੱਕ ਲਿਆਉਣਾ ਸੀ, "ਉਹ… ਹਾਂ… ਹਾਂ… ਚੇਤਾ ਆਇਆ… ਕੀ ਇਹ ਉਹੀ ਹੈ?"
"ਹਾਂ ਹਜ਼ੂਰ… ਹੁਣ ਤਾਂ ਖਾਸੀ ਨਿੱਖਰ ਆਈ ਹੈ।" ਨਾਲ ਦਾ ਖੁਲ੍ਹੇ ਵਾਲਾਂ ਵਾਲਾ ਕਾਣੀ ਅੱਖ ਵਾਲੇ ਵੱਲ ਟੇਢਾ ਜਿਹਾ ਝਾਕ ਕੇ ਬੋਲਦਾ ਹੈ।
ਕਾਣੀ ਅੱਖ ਵਾਲਾ ਘੋੜ ਸਵਾਰ ਆਪਣੇ ਲੱਕ ਨਾਲ ਬੰਨ੍ਹੀ ਸਿੱਕਿਆਂ ਦੀ ਥੈਲੀ ਖੋਲ੍ਹਦਾ ਹੈ ਤੇ ਆਪਣੇ ਉਸੇ ਸਾਥੀ ਵੱਲ ਵਗਾਹ ਕੇ ਮਾਰਦਾ ਹੈ। ਉਸ ਦਾ ਸਾਥੀ ਜਿਉਂ ਹੀ ਥੈਲੀ ਬੋਚਦਾ ਹੈ ਤਾਂ ਕਾਣੀ ਅੱਖ ਵਾਲਾ ਘੋੜ ਸਵਾਰ ਹੁਕਮ ਕਰਦਾ ਹੈ, "ਗੁਲਾਬ ਸਿੰਘ, ਚੱਕ ਲਿਆਉ, ਅੱਜ ਤੋਂ ਇਹ ਸਿਰਫ ਲਾਹੌਰ ਦਰਬਾਰ ਵਿਚ ਹੀ ਮੁਜ਼ਰਾ ਕਰੇਗੀ।"
ਉਸਦੇ ਦੋਨੋਂ ਸਾਥੀ ਮੁਸਕੜੀਏ ਹੱਸਦੇ ਹਨ ਤੇ ਤੀਜਾ ਸੂਫੀਆਨਾ ਬਾਣੇ ਵਾਲਾ ਸਾਥੀ ਬੋਲਦਾ ਹੈ, "ਮਹਾਰਾਜ ਜਿਹੜੀ ਹਫਤਾ ਪਹਿਲਾਂ ਚੰਬੇ ਤੋਂ ਲਕਸ਼ਮੀ ਦੇਵੀ ਚੱਕ ਕੇ ਲਿਆਂਦੀ ਸੀ, ਉਸਦਾ ਕੀ ਬਣੇਗਾ?"
"ਅਜ਼ਾਜ਼-ਉੱਦ-ਦੀਨ, ਉਹਦਾ ਕੀ ਹੈ? ਉਹ ਤਾਂ ਮੇਰੇ ਹਰਮ ਵਿਚ ਹੈ। ਪਰ ਇਹ ਨਾਇਯਾਬ ਹੀਰਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ। ਤੁਸੀਂ ਤਾਂ ਜਾਣਦੇ ਹੀ ਹੋ ਰਣਜੀਤ ਸਿੰਘ ਆਹਲਾ ਨਸਲ ਦੀ ਸ਼ਿਕਾਰੀ ਕੁੱਤੀ, ਫੁਰਤੀਲੀ ਘੋੜੀ ਤੇ ਸੁੰਦਰ ਇਸਤਰੀ ਕਿਸੇ ਹੋਰ ਕੋਲ ਰਹਿਣ ਨਹੀਂ ਦਿੰਦਾ।" ਮਹਾਰਾਜਾ ਰਣਜੀਤ ਸਿੰਘ ਦੀ ਇਕੋ ਅੱਖ ਮੋਰਾਂ ਉੱਤੇ ਇਕਾਗਰ ਹੋਈ ਰਹਿੰਦੀ ਹੈ।
ਫਕੀਰ ਅਜ਼ਾਜ਼-ਉੱਦ-ਦੀਨ ਟਿੱਚਰੀ ਲਹਿਜ਼ੇ ਵਿਚ ਬੋਲਦਾ ਹੈ, "ਮਹਾਰਾਜ, ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਗੇ। ਇਹ ਕੰਮ ਹੋ ਜਾਏਗਾ।ਆਪਾਂ ਛੇਤੀ ਕੰਮ ਨਿਪਟਾਈਏ ਤੇ ਵਾਪਸ ਮਹਿਲ ਨੂੰ ਚੱਲੀਏ।"
"ਨਹੀਂ ਅੱਜ ਹੋਰ ਕੁਝ ਨਹੀਂ ਕਰਨਾ। ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲਦ ਮਹਾਂ ਸਿੰਘ ਦਾ ਹੁਕਮ ਐ। ਇਹਨੂੰ ਹੁਣੇ ਚੱਕ ਕੇ ਲਿਆਉ। ਮੈਂ ਘੋੜੇ 'ਤੇ ਆਪਣੇ ਨਾਲ ਬਿਠਾ ਕੇ ਲਿਜਾਣੀ ਹੈ। ਅੱਜ ਦੀ ਰਾਤ ਦੇ ਸਾਰੇ ਕੰਮ ਖਾਰਜ।" ਐਨਾ ਕਹਿੰਦਿਆਂ ਮਹਾਰਾਜੇ ਨੇ ਹੱਥ ਵਿਚ ਫੜੀ ਸੁਰਾਹੀ ਫੇਰ ਮੂੰਹ ਨੂੰ ਲਾ ਲਈ। ਉਸ ਵਿਚ ਸ਼ਰਾਬ ਦਾ ਇਕ ਵੀ ਤੁਬਕਾ ਨਹੀਂ ਹੈ। ਅਜਿਹਾ ਦੇਖਦਿਆਂ ਡੋਗਰੇ ਗੁਲਾਬ ਸਿੰਘ ਨੇ ਆਪਣੀ ਸੁਰਾਹੀ ਮਹਾਰਾਜੇ ਦੇ ਹਵਾਲੇ ਕਰ ਦਿੱਤੀ। ਮਹਾਰਾਜਾ ਇਕੋ ਸਾਹ ਘੁੱਟਾਂ-ਬਾਟੀ ਸ਼ਰਾਬ ਦੀ ਅੱਧੀ ਸੁਰਾਹੀ ਖਾਲੀ ਕਰ ਦਿੰਦਾ ਹੈ ਤੇ ਗੁਲਾਬ ਸਿੰਘ ਵੱਲ ਤੱਕਦਾ ਹੈ।
"ਮਹਾਰਾਜ, ਤੁਸੀਂ ਮਹੱਲ ਚੱਲੋ, ਦਾਤਾਰ ਕੌਰ (ਰਾਣੀ ਰਾਜ ਕੌਰ ਜਿਸਦਾ ਨਾਂ ਮਹਾਰਾਜੇ ਨੇ ਬਦਲ ਦਿੱਤਾ ਸੀ ਕਿਉਂਕਿ ਰਾਜ ਕੌਰ ਉਸਦੀ ਮਾਤਾ ਦਾ ਵੀ ਨਾਮ ਸੀ) ਤੁਹਾਡਾ ਇੰਤਜ਼ਾਰ ਕਰ ਰਹੇ ਹੋਣਗੇ। ਮੈਂ ਇਸ ਨੂੰ ਅੱਧੀ ਰਾਤੋਂ ਕਿਲ੍ਹੇ ਦੇ ਪਿਛਲੇ ਦਰਵਾਜ਼ੇ ਰਾਹੀਂ ਲਿਆ ਕੇ ਤੁਹਾਨੂੰ ਪੇਸ਼ ਕਰਦਾ ਹਾਂ।"
"ਹਾਂ ਇਹ ਠੀਕ ਰਹੇਗਾ। ਇਸ ਨਾਲ ਲਾਹੌਰ ਸਰਕਾਰ ਦੀ ਬਦਨਾਮੀ ਵੀ ਨਹੀਂ ਹੋਵੇਗੀ।" ਫਕੀਰ ਅਜ਼ਾਜ਼-ਉੱਦ-ਦੀਨ ਹਾਮੀ ਭਰਦਾ ਹੈ।
ਬਨੇਰੇ 'ਤੇ ਖੜ੍ਹੀ ਮੋਰਾਂ ਦੀ ਅਚਾਨਕ ਨਜ਼ਰ ਰਣਜੀਤ ਸਿੰਘ ਨਾਲ ਮਿਲਦੀ ਹੈ ਤੇ ਉਸਦੀ ਅੱਖ ਵਿਚ ਅੱਖਾਂ ਪਾ ਕੇ ਸਿਰ ਨੂੰ ਇਕ ਪਾਸੇ ਵੱਲ ਝਟਕਾ ਮਾਰਦੀ ਹੋਈ ਉਸਨੂੰ ਉੱਪਰ ਆਉਣ ਦਾ ਇਸ਼ਾਰਾ ਕਰਦੀ ਹੈ।ਫਿਰ ਹਸਦੀ ਹੋਈ ਅੰਦਰ ਭੱਜ ਜਾਂਦੀ ਹੈ।
"ਹਾਏ! ਮੈਂ ਮਰਜਾਂ। ਅਫਗਾਨੀ ਨੇਜੇ ਆਂਗੂ ਖੁੱਭ ਗਈ।" ਰਣਜੀਤ ਸਿੰਘ ਕਾਲਜੇ 'ਤੇ ਹੱਥ ਰੱਖ ਕੇ ਦੰਦ ਪੀਂਹਦਾ ਹੋਇਆ ਬੋਲਦਾ ਹੈ।
ਉਥੋਂ ਉਹ ਚੱਲਣ ਹੀ ਲੱਗਦੇ ਹਨ ਕਿ ਗੌਸ ਖਾਨ ਆ ਜਾਂਦਾ ਹੈ, "ਸਿੰਘ ਸਾਹਿਬ, ਮੈਂ ਦਾਣਾ ਮੰਡੀਓ ਆ ਰਿਹਾ ਹਾਂ। ਵਪਾਰੀਆਂ ਨੇ ਅਨਾਜ਼ ਦੀ ਕਿੱਲਤ ਹੋਣ ਦੀ ਵਜ੍ਹਾ ਕਾਰਨ ਦਾਮ ਕਾਫੀ ਵਧਾ ਦਿੱਤੇ ਹਨ। ਸਾਰੀ ਪਰਜਾ ਮਹਿੰਗਿਆਈ ਕਾਰਨ ਕੁਰਲਾ ਰਹੀ ਹੈ।"
"ਠੀਕ ਹੈ, ਕੱਲ੍ਹ ਤੋਂ ਸ਼ਾਹੀ ਅਨਾਜ਼ ਦੇ ਭੰਡਾਰਿਆਂ ਦੇ ਮੂੰਹ ਖੋਲ੍ਹ ਕੇ ਸਾਰਾ ਅਨਾਜ਼ ਗਰੀਬਾਂ ਵਿਚ ਤਕਸੀਮ ਕਰ ਦੇਵੋ। ਵਪਾਰੀਆਂ ਦੀ ਅਕਲ ਆਪੇ ਟਿਕਾਣੇ ਆ ਜਾਵੇਗੀ।" ਮਹਾਰਾਜਾ ਰਣਜੀਤ ਸਿੰਘ ਮੌਕੇ 'ਤੇ ਆਪਣਾ ਫੈਸਲਾ ਸੁਣਾ ਦਿੰਦਾ ਹੈ।
ਚਾਰੋ ਘੋੜਸਵਾਰ ਹਨੇਰੇ ਨੂੰ ਚੀਰਦੇ ਹੋਏ ਸ਼ਾਹੀ ਕਿਲ੍ਹੇ ਵੱਲ ਰਵਾਨਾ ਹੋ ਜਾਂਦੇ ਹਨ।…
ਕਹਾਣੀ ਦਾ ਅਗਲਾ ਭਾਗ 2 ਦੇਖੋ ਜੀ।
No comments:
Post a Comment