Friday, February 4, 2011

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਨਾਚੀ ਮੋਰਾਂ ਕੰਚਨੀ ਦੇ ਇਸ਼ਕ ਦੀ ਦਾਸਤਾਨ

ਮੋਰਾਂ ਦਾ ਮਹਾਰਾਜਾ


Author: Balraj Sidhu
Sher-E-Punjab Ranjit Singh
ਭੂਮਿਕਾ: ਜਦੋਂ ਸਾਡੇ ਇਤਿਹਾਸਕਾਰ ਅਤੇ ਲਿਖਾਰੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕਰਦੇ ਹਨ ਤਾਂ ਉਹ ਆਪਣੀ ਗੱਲ ਮਹਾਰਾਜੇ ਦੇ ਸਿਰ ਉੱਤੇ ਛਾਇਆ ਕਰਦੇ ਆਹਲੀਸ਼ਾਨ ਛੱਤਰ ਤੋਂ ਸ਼ੁਰੂ ਕਰਦੇ ਹੋਏ,ਉਸਦੀ ਦਸਤਾਰ ਦੀ ਖੂਬਸੂਰਤੀ ਵਧਾਉਂਦੀ ਕੀਮਤੀ ਕਲਗੀ 'ਤੇ ਆ ਜਾਂਦੇ ਹਨ। ਉਸ ਤੋਂ ਉਪਰੰਤ ਉਹ ਮਹਾਰਾਜੇ ਦੇ ਚਿਹਰੇ ਉੱਤੇ ਆਉਂਦੇ ਹਨ ਤਾਂ ਉਸ ਦੀ ਅੱਖ ਦੇ ਕੋਹਜ਼ ਅਤੇ ਚੇਚਕ ਦੇ ਦਾਗਾਂ ਨੂੰ ਛੁਪਾਉਣ ਲਈ ਆਪਣੀ ਭਾਵੁਕਤਾ ਦਾ ਪੋਚਾ ਮਾਰਦੇ ਹੋਏ ਦਲੀਲਾਂ ਘਡ਼੍ਹਣ ਲੱਗ ਜਾਂਦੇ ਹਨ। ਉਹ ਮਹਾਰਾਜੇ ਦੀ ਨੇਕ ਦਿਲੀ ਦੀ ਤਾਂ ਗੱਲ ਕਰਦੇ ਹਨ,ਪਰ ਉਸ ਦੁਆਰਾ ਕੀਤੀਆਂ ਧੱਕੇਸ਼ਾਹੀ ਨੂੰ ਅਣਡਿੱਠ ਕਰਨ ਲਈ ਆਪਣੀਆਂ ਦੋਨੋਂ ਅੱਖਾਂ ਮੀਚ ਕੇ ਉੱਪਰ ਹੱਥ ਰੱਖ ਲੈਂਦੇ ਹਨ।ਫਿਰ ਉਸਦੀ ਪੱਗ ਅੰਦਰ ਝਾਕਦੇ ਹੋਏ ਮਹਾਰਾਜੇ ਦੀ ਰਾਜਨੀਤਕ ਸੂਝ, ਨਿਪੁੰਨਤਾ, ਦੂਰ ਅੰਦੇਸ਼ੀ ਅਤੇ ਚੁਸਤ ਦਿਮਾਗ ਦੀਆਂ ਸਿਫਤਾਂ ਦੇ ਪੁੱਲ ਚੀਨ ਦੀ ਕੰਧ ਤੋਂ ਵੀ ਕੱਦਾਵਰ ਉਸਾਰ ਦਿੰਦੇ ਹਨ।ਉਸ ਮਗਰੋਂ ਉਹ ਰਣਜੀਤ ਸਿੰਘ ਦੀਆਂ ਜਿੱਤਾਂ, ਪ੍ਰਾਪਤੀਆਂ ਅਤੇ ਉਸ ਦੇ ਅਧਿਕਾਰ ਅਧਿਨ ਕੀਤੇ ਵਿਸ਼ਾਲ ਰਿਆਸਤੀ ਇਲਾਕੇ ਦੀ ਵਡਿਆਈ ਕਰਦੇ ਹੋਏ ਉਸਦੀ ਹਿੱਕ ਦੇ ਜ਼ੋਰ ਦੀ ਉਪਮਾ ਕਰਦੇ ਹਨ।ਮਹਾਰਾਜੇ ਦੇ ਡੌਲਿਆਂ ਦੀ ਤਾਕਤ ਨੂੰ ਬਿਆਨਣ ਲਈ ਉਹ ਉਸ ਨਾਇਯਾਬ ਹੀਰੇ ਕੋਹਿਨੂਰ ਦਾ ਵਰਣਨ ਕਰਦੇ ਹਨ,ਜੋ ਜਿਵੇਂ ਉਸਨੇ ਪ੍ਰਾਪਤ ਕੀਤਾ ਸੀ ਤੇ ਉਵੇਂ ਹੀ ਉਸ ਕੋਲੋਂ ਖੁੱਸਿਆ।ਇਸ ਪਸ਼ਚਾਤ ਥੱਲੇ ਉਤਰਦੇ ਮਹਾਰਾਜੇ ਦੇ ਲੱਕ ਨਾਲ ਲਮਕਦੀ ਮਹਿੰਗੇ ਹੀਰਿਆਂ ਜਡ਼੍ਹੀ ਫੌਲਾਦੀ ਸ਼ਮਸ਼ੀਰ ਦੀ ਸਿਫਤ ਸ਼ੁਰੂ ਹੋ ਜਾਂਦੀ ਹੈ।ਇਸ ਵਿਵਰਣ ਪਿਛੋਂ ਸਾਡੇ ਸਾਹਿਤਕਾਰਾਂ ਅਤੇ ਇਤਿਹਾਸਕਾਰਾਂ ਦੀ ਕਲਮ ਮਹਾਰਾਜੇ ਦੇ ਕਮਰਕਸੇ ਉੱਤੇ ਹੀ ਦਮ ਤੋਡ਼ ਦਿੰਦੀ ਹੈ।ਇਹੋ ਜਿਹੇ ਕਲਮਕਾਰਾਂ ਦੀਆਂ ਸਿਨਫਾਂ ਦਾ ਪਠਨ ਕਰਨ ਸਮੇਂ ਇਕ ਜ਼ਹੀਨ ਬੁੱਧੀ ਦੇ ਮਾਲਕ ਇਨਸਾਨ ਅਤੇ ਸਾਹਿਤ ਚਿੰਤਕ ਨੂੰ ਸਿਵਾਏ ਅੰਨ੍ਹੀਂ ਸ਼ਰਧਾ ਦੇ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ।ਮਹਾਰਾਜੇ ਦੀ ਜ਼ਿੰਦਗੀ ਦੇ ਬਹੁਤ ਸਾਰੇ ਅਣਗੌਲੇ ਪੱਖ ਹਨ,ਜਿਨ੍ਹਾਂ ਵਿਚ ਉਸਦੀ ਮਰਦਾਨਗੀ ਅਤੇ ਚਰਿੱਤਰ ਦੀ ਸਹੀ ਤਸਵੀਰ ਝਲਕਦੀ ਹੈ। ਸਿੱਖ ਬੁੱਧੀਜੀਵੀਆਂ ਵੱਲੋਂ ਉਨ੍ਹਾਂ ਉੱਤੇ ਪਰਦਾ ਪਾ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਬਾਰੇ ਖਾਮੋਸ਼ੀ ਧਾਰ ਲਈ ਜਾਂਦੀ ਹੈ।ਇਹ ਇਤਿਹਾਸ ਨਾਲ ਸਰਾਸਰ ਬੇਇਨਸਾਫੀ ਹੈ!ਮੈਨੂੰ ਇਉਂ ਜਾਪਦਾ ਹੈ ਕਿ ਸਾਡੇ ਸੂਝਵਾਨ ਵਿਦਵਾਨਾਂ ਨੂੰ ਜ਼ਿੰਦਗੀ ਵਿਚ ਸੈਕਸ ਦੀ ਮਹੱਤਤਾ ਦਾ ਉੱਕਾ ਹੀ ਗਿਆਨ ਨਹੀਂ ਹੈ!!ਮਹਾਰਜੇ ਨੇ ਆਪਣੀ ਜ਼ਿੰਦਗੀ ਵਿਚ ਬੇਸ਼ੁਮਾਰ ਔਰਤਾਂ ਹੰਢਾਈਆਂ। ਉਸਦੇ ਹਰਮ ਵਿਚ ਬੇਅੰਤ ਰਾਣੀਆਂ ਅਤੇ ਬੇਸ਼ੁਮਾਰ ਦਾਸੀਆਂ ਦਾ ਵਡਮੁੱਲਾ ਖਜ਼ਾਨਾ ਸੀ,ਜਿਨ੍ਹਾਂ ਮੁਤੱਲਕ ਵੇਰਵੇ ਪ੍ਰਾਪਤ ਹੁੰਦੇ ਹਨ। ਬਾਕੀ ਉਸਦੇ 'ਵੱਨ ਨਾਇਟ ਸਟੈਂਡ' ਭਾਵ ਗਾਹੇ-ਬਗਾਹੇ ਮਹਾਰਾਜੇ ਨੇ ਕਿੱਥੇ ਕਿੱਥੇ ਮੂੰਹ ਮਾਰਿਆ ਹੋਵੇਗਾ ਜਾਂ ਜਿਨ੍ਹਾਂ ਬਾਰੇ ਲਿਖਤੀ ਰੂਪ ਵਿਚ ਕੁਝ ਨਹੀਂ ਮਿਲਦਾ, ਖੌਰੇ ਉਸਦੀ ਸੂਚੀ ਕਿੰਨੀ ਕੁ ਲੰਮੀ ਹੋਵੇਗੀ!ਵੱਖ ਵੱਖ ਇਤਿਹਾਸਕਾਰਾਂ ਨੇ ਰਾਣੀਆਂ ਅਤੇ ਦਾਸੀਆਂ ਦੀ ਗਿਣਤੀ ਅਤੇ ਨਾਮਾਂ ਦੀ ਸੰਖਿਆ ਵੱਖੋ-ਵੱਖਰੀ ਦੱਸੀ ਹੈ। ਮੇਰੇ ਖਿਆਲ ਮੁਤਾਬਕ ਜੇ ਮਹਾਰਜੇ ਦੇ ਜੀਵਨ ਵਿਚ ਇਹ ਪੱਖ ਸ਼ਾਮਿਲ ਨਾ ਹੁੰਦਾ ਤਾਂ ਸ਼ਾਇਦ ਉਸ ਨੂੰ ਇਤਿਹਾਸ ਵਿਚ ਉਹ ਮੁਕਾਮ ਹਾਸਿਲ ਨਾ ਹੁੰਦਾ, ਜੋ ਰੁਤਬਾ ਉਸਦਾ ਅੱਜ ਹੈ ਤੇ ਨਾ ਹੀ ਉਸਨੇ ਐਨਾ ਵਿਸ਼ਾਲ ਰਾਜ ਕਾਇਮ ਕਰ ਸਕਣਾ ਸੀ। ਵਰਣਨਯੋਗ ਹੈ ਕਿ ਉਸਨੇ ਹਮੇਸ਼ਾ ਤਾਕਤ ਵਧਾਉਣ ਅਤੇ ਜੰਗਾਂ ਜਿੱਤਣ ਲਈ ਇਸਤਰੀਆਂ ਦਾ ਇਸਤੇਮਾਲ ਕੀਤਾ ਹੈ। ਜੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਅਤੇ ਸਿੱਖ ਇਤਿਹਾਸ ਦਾ ਅਨੀਖਡ਼ਵਾਂ ਅੰਗ ਹੈ ਤਾਂ ਮੋਰਾਂ ਉਸਦੇ ਸੰਗ ਹੈ।ਮੋਰਾਂ ਇਕ ਬਜ਼ਾਰੂ ਨਾਚੀ ਸੀ, ਜਿਸਨੇ ਤਮਾਮ ਹਿਯਾਤੀ ਮਹਾਰਾਜੇ ਨੂੰ ਆਪਣੀਆਂ ਉਂਗਲਾਂ ਦੇ ਇਸ਼ਾਰਿਆਂ 'ਤੇ ਨਚਾਇਆ ਸੀ।ਮਹਾਰਾਜੇ ਦੇ ਲੱਕ ਤੋਂ ਉੱਪਰ ਦੀ ਸ਼ਕਤੀ ਦੀਆਂ ਬਹੁਤ ਤਾਰੀਫਾਂ ਹੋ ਚੁੱਕੀਆ ਹਨ। ਵਕਤ ਹੈ ਸ਼ੇਰ-ਏ-ਪੰਜਾਬ ਦੇ ਕਮਰਕਸੇ ਤੋਂ ਹੇਠਾਂ ਕੋਈ ਗੱਲ ਕਰੇ। ਪਰ ਕੌਣ?  ਕੋਈ ਹਿੰਮਤ ਕਰੇ ਜਾਂ ਨਾ ਮੈਂ ਨਿਧਡ਼ਕ, ਬੇਖੌਫ ਅਤੇ ਬੇਬਾਕੀ ਨਾਲ ਉਸਦੀ ਬੈਲਟ ਤੋਂ ਹੇਠਾਂ ਦੀ ਤਾਕਤ ਨੂੰ ਬਿਆਨ ਕਰਦਿਆਂ ਮਹਾਰਾਜੇ ਦੇ ਮੋਰਾਂ ਨਾਲ ਖੌਲਦੇ ਇਸ਼ਕ ਉੱਤੇ ਝਾਤ ਪਾਉਂਦੀ ਇਹ ਕਹਾਣੀ 'ਮੋਰਾਂ ਦਾ ਮਹਾਰਾਜਾ' ਪੇਸ਼ ਕਰ ਰਿਹਾ ਹਾਂ।ਇਤਿਹਾਸ ਉੱਤੇ ਅਧਾਰਿਤ ਇਹ ਕਹਾਣੀ ਨਾ ਤਾਂ ਪੂਰਨ ਰੂਪ ਵਿਚ ਸਮੂਚੀ ਗਲਪ ਰਚਨਾ ਹੈ ਤੇ ਨਾ ਹੀ ਇਹ ਅਫਸਾਨਾ ਨਿਰੋਲ ਇਤਿਹਾਸ ਹੈ।ਆਪਣੀ ਕਥਾ ਨੂੰ ਦਿਲਚਸਪ ਬਣਾਉਣ ਲਈ ਜਿਥੇ ਮੈਨੂੰ ਮਹਿਸੂਸ ਹੋਇਆ ਲੋਡ਼ ਅਨੁਸਾਰ ਮੈਂ ਤਬਦੀਲੀਆਂ ਕਰ ਲਈਆਂ ਹਨ। ਪਾਤਰ, ਘਟਨਾ ਕ੍ਰਮ ਅਤੇ ਕਾਲ ਨਾਲ ਛੇੜ-ਛਾੜ ਕਰਦਿਆਂ ਮੈਂ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਹੈ ਕਿ ਕਿਸੇ ਵੀ ਇਤਿਹਾਸਕ ਤੱਥ ਦਾ ਮੁਹਾਂਦਰਾ ਨਾ ਵਿਗੜੇ।ਇਸ ਵਿਚ ਮੇਰੀ ਕਲਾ ਅਤੇ ਕਲਪਨਾ ਦੀ ਪ੍ਰਤੱਖ ਘੁਸਪੈਠ ਹੈ। ਇਹ ਕਹਾਣੀ ਲਿਖਣ ਪਿਛੇ ਮੇਰਾ ਮਕਸਦ ਮਹਾਰਾਜੇ ਦੀ ਛਵੀ ਨੂੰ ਵਿਗਾਡ਼ਨਾ ਜਾਂ ਉਸ ਨੂੰ ਨੀਵਾਂ ਦਿਖਾਉਣਾ ਨਹੀਂ ਹੈ,ਬਲਕਿ ਮਹਾਰਾਜੇ ਦੀ ਜ਼ਿੰਦਗੀ ਦੇ ਹਨ੍ਹੇਰੇ ਕੋਨਿਆਂ 'ਤੇ ਰੋਸ਼ਨੀ ਪਾਉਣਾ ਹੈ।                      
ਬਲਵੀਰ ਕੰਵਲ ਜੀ ਦੀ ਖੋਜ ਨੂੰ ਨਤਮਸਤਕ ਹੁੰਦਿਆਂ, ਮੇਰੀ ਇਹ ਕਹਾਣੀ ਉਸਤਾਦ ਕਹਾਣੀਕਾਰ ਸ਼੍ਰੀ ਮਨਮੋਹਨ ਬਾਵਾ ਜੀ ਨੂੰ ਸਮਰਪਿਤ ਹੈ, ਜਿਨ੍ਹਾਂ ਦੀਆਂ ਪਾਈਆਂ ਪੈੜਾਂ ਵਿਚ ਪੈਰ ਧਰ ਕੇ ਚੱਲਣ ਦਾ ਇਹ ਨਿਮਾਣਾ ਜਿਹਾ ਯਤਨ ਹੈ।
- ਬਲਰਾਜ ਸਿੱਧੂ, ਯੂ.ਕੇ.

Copyright 2011 Balraj Sidhu
ਪੰਜ ਭਾਗਾਂ ਵਿਚ ਵਿਭਾਜਿਤ ਇਹ ਕਹਾਣੀ ਛਾਪਣ ਦੇ ਚਾਹਵਾਨ ਅਦਾਰਿਆਂ ਨੂੰ ਪੂਰੀ ਕਹਾਣੀ ਉਨ੍ਹਾਂ ਦੇ ਮਨ ਇੱਛਤ FONT ਵਿਚ  E-MAIL ਕੀਤੀ ਜਾ ਸਕਦੀ ਹੈ। ਸਾਡੇ ਸਾਰੇ ਸੰਪਰਕ HOME PAGE 'ਤੇ ਦਿੱਤੇ ਗਏ ਹਨ।

PART 1

MOORAN
 ਮੋਰਾਂ ਦਾ ਮਹਾਰਾਜਾ 
MAHARAJA

ਸੂਰਜ ਦੀ ਟਿੱਕੀ ਦੂਰ ਪੱਛਮ ਵੱਲ ਡਿੱਗਣ ਲੱਗੀ ਹੀ ਹੈ। ਰਾਵੀ ਕੰਢੇ ਵਸੇ ਲਾਹੌਰ ਦੀ ਹੀਰਾ ਮੰਡੀ ਦਸਤੂਰ ਮੁਤਾਬਕ ਰੰਗੀਨ ਰਾਤ ਦੀ ਤਿਆਰੀ ਵਿਚ ਜੁਟੀ ਹੋਈ ਹੈ। ਤਿੰਨ ਘੋੜ ਸਵਾਰ ਮੰਡੀ ਦੀ ਗਸ਼ਤ ਕਰ ਰਹੇ ਹਨ। ਭੇਸ-ਭੂਸ਼ਾਂ ਅਤੇ ਵਸਤਰਾਂ ਤੋਂ ਦੇਖਣ ਨੂੰ ਉਹ ਸੋਦਾਗਰ ਪ੍ਰਤੀਤ ਹੁੰਦੇ ਹਨ। ਉਨ੍ਹਾਂ ਵਿਚੋਂ ਇਕ ਘੋੜ ਸਵਾਰ ਦੇ ਸੂਫੀਆਨਾ ਬਾਣਾ ਤੇ ਖੋਜੀ ਦਾਹੜੀ ਹੈ। ਦੂਜੇ ਦੇ ਖੁੱਲ੍ਹੀ ਦਾਹੜੀ ਅਤੇ ਵਾਲ ਖੱਲ੍ਹੇ ਛੱਡ ਕੇ ਦਸਤਾਰ ਸਜਾਈ ਹੋਈ ਹੈ। ਤੀਜਾ ਜਿਸਦੀ ਲੰਮੀ ਦਾਹੜੀ ਤੇ ਮੁੱਛਾਂ ਮਰੋੜੀਆਂ ਹੋਈਆਂ ਹਨ, ਉਨ੍ਹਾਂ ਦਾ ਸਰਦਾਰ ਜਾਪਦਾ ਹੈ। ਉਸਨੇ ਮੜਾਸਾ ਮਾਰ ਕੇ ਬੇਤਰਤੀਬੀ ਜਿਹੀ ਪੱਗ ਬੰਨ੍ਹੀ ਹੋਈ ਹੈ ਤੇ ਲੜ੍ਹ ਖੁੱਲ੍ਹਾ ਛੱਡ ਕੇ ਆਪਣੀ ਇਕ ਅੱਖ ਲਕੋਈ ਹੋਈ ਹੈ। ਇਹ ਖੱਬੀ ਅੱਖ ਉਸਦੀ ਬਚਪਨ ਵਿਚ ਚੇਚਕ ਦੀ ਬਿਮਾਰੀ ਨਾਲ ਜਾਂਦੀ ਲੱਗੀ ਸੀ।ਮੂੰਹ ਉੱਤੇ ਮਾਤਾ ਦੇ ਦਾਗਾਂ ਦੀ ਤਾਂ ਉਹ ਬਹੁਤੀ ਪਰਵਾਹ ਨਹੀਂ ਕਰਦਾ। ਹਾਂ, ਅੱਖ ਦਾ ਕੋਹਜ ਉਸ ਨੂੰ ਨਿਰਸੰਦੇਅ ਬਹੁਤ ਪ੍ਰਭਾਵਿਤ ਅਤੇ ਪੀੜਤ  ਕਰਦਾ ਹੈ।
ਤਿੰਨੇ ਮੰਡੀ ਦੇ ਵਿਚਕਾਰ ਆ ਕੇ ਕੁਝ ਵਿਚਾਰ ਵਟਾਂਦਰਾ ਕਰ ਰਹੇ ਹੁੰਦੇ ਹਨ ਕਿ ਨਜ਼ਦੀਕੀ ਕੋਠੇ ਤੋਂ ਇਕ ਕੰਜਰੀ ਗਿੱਲੇ ਵਾਲ ਝਟਕ ਕੇ ਕਪੜੇ ਨਾਲ ਬਨੇਰੇ ਦੀ ਵੱਟ 'ਤੇ ਬੈਠ ਕੇ ਸੁਕਾਉਣ ਲੱਗਦੀ ਹੈ। ਗਿੱਲੇ ਵਾਲਾਂ ਦੇ ਛਿੱਟੇ ਪੈਣ ਨਾਲ ਤਿੰਨੇ ਘੋੜ ਸਵਾਰ ਉੱਪਰ ਮੁੰਡੇਰ ਵੱਲ ਦੇਖਦੇ ਹਨ।ਕਾਣੀ ਅੱਖ ਵਾਲੇ ਘੋੜ ਸਵਾਰ ਦੀ ਨਜ਼ਰ ਉਸ ਕੰਜਰੀ 'ਤੇ ਐਸੀ ਅਟਕਦੀ ਹੈ ਕਿ ਉਹ ਪਲਕਾਂ ਝਮਕਣੀਆਂ ਭੁੱਲ ਜਾਂਦਾ ਹੈ।ਉਹ ਆਪਣੇ ਲੱਕ ਨਾਲ ਬੰਨ੍ਹੀ ਸੁਰਾਹੀ ਦਾ ਡੱਕਣ ਖੋਲ੍ਹ ਕੇ ਸੁੱਕੀ ਸ਼ਰਾਬ ਦੀਆਂ ਗਟਾਗਟ ਤਿੰਨ ਚਾਰ ਘੁੱਟਾਂ ਭਰ ਕੇ ਕੁੜੱਤਣ ਤੋਂ ਨਿਜਾਤ ਪਾਉਣ ਲਈ ਖੰਘੂਰਾ ਮਾਰਦਾ ਹੈ ਤੇ ਆਪਣੇ ਨਾਲ ਦੇ ਸਾਥੀ ਨੂੰ ਪੁੱਛਦਾ ਹੈ, "ਹੀਰਾ ਮੰਡੀ ਦਾ ਇਹ ਹੀਰਾ ਕੌਣ ਹੈ?"
"ਮਹਾਰਾਜ, ਇਹ ਮੋਰਾਂ ਕੰਚਨੀ ਹੈ। ਇਹਦੀ ਮਾਂ ਖੁਦ ਆਪਣੇ ਸਮੇਂ ਦੀ ਮਸ਼ਹੂਰ ਨ੍ਰਿਤਕੀ ਸੀ ਤੇ ਅਨੇਕਾਂ ਮਹਾਰਾਜਿਆਂ ਦੀ ਰਖੇਲ ਰਹਿ ਚੁੱਕੀ ਹੈ। ਪਹਿਲਾਂ ਇਹ ਅੰਮ੍ਰਿਤਸਰ ਦੇ ਰੰਡੀ ਬਜ਼ਾਰ ਵਿਚ ਨੱਚਿਆ ਕਰਦੀ ਸੀ। ਹੁਣੇ ਹੁਣੇ ਹੀ ਲਾਹੌਰ ਆਈ ਹੈ।" ਸੂਫੀਆਨਾ ਬਾਣੇ ਵਾਲਾ ਬਿਆਨ ਕਰਦਾ ਹੈ।
ਕਾਣੀ ਅੱਖ ਵਾਲੇ ਨੂੰ ਅਸਚਰਜ ਹੁੰਦਾ ਹੈ, "ਇਹ ਅੰਮ੍ਰਿਤਸਰ ਵਿਚ ਸੀ ਤੇ ਸਾਨੂੰ ਪਤਾ ਵੀ ਨਹੀਂ ਚੱਲਿਆ!"
"ਮਹਾਰਾਜ, ਇਹ ਕਵਰ ਖੜ੍ਹਕ ਸਿੰਘ ਦੀ ਪੈਦਾਇਸ਼ ਦੇ ਜ਼ਸ਼ਨਾਂ ਵਿਚ ਵੀ ਸ਼ਰੀਕ ਸੀ। ਤੁਸੀਂ ਉਦੋਂ ਨਸ਼ੇ ਵਿਚ ਹੋਣ ਕਰਕੇ ਤਵੱਜੋਂ ਨਹੀਂ ਦਿੱਤੀ। ਹਾਂ ਸੱਚ! ਤੁਸੀਂ ਕੁਝ ਵਰ੍ਹੇ ਪਹਿਲਾਂ ਇਕ ਮਹਿਫਿਲ ਵਿਚ ਇਸ ਦਾ ਮੁਜ਼ਰਾ ਵੇਖ ਚੁੱਕੇ ਹੋ। ਉਦੋਂ ਇਹ ਮਸਾਂ ਬਾਰ੍ਹਾਂ-ਤੇਰ੍ਹਾਂ ਸਾਲਾਂ ਦੀ ਸੀ। ਭੁੱਲ ਗਏ ਲਖਨਊ ਦੀ ਉਹ ਮਹਿਫਿਲ…?"
MUJRA

ਕਾਣੀ ਅੱਖ ਵਾਲਾ ਆਪਣੀ ਯਾਦਾਸ਼ਤ ਉੱਤੇ ਜ਼ੋਰ ਪਾਉਂਦਾ ਹੈ। ਉਸ ਨੂੰ ਯਾਦ ਆ ਜਾਂਦਾ ਹੈ ਕਿ ਲਖਨਊ ਦੇ ਨਵਾਬਾਂ ਦੀ ਇਕ ਮਹਿਫਿਲ ਵਿਚ ਉਸਨੇ ਕਿਸੇ ਖੂਬਸੂਰਤ ਕਮਸਿਨ ਜਿਹੀ ਲੜਕੀ ਦੇ ਨਾਚ ਤੋਂ ਪ੍ਰਸੰਨ ਹੋ ਕੇ ਪੈਸਿਆਂ ਦਾ ਮੀਂਹ ਵਰ੍ਹਾਂ ਦਿੱਤਾ ਸੀ। ਜੇ ਉਸ ਵਕਤ ਉਸ ਨੇ ਜੰਗ ਦੀ ਤਿਆਰੀ ਨਾ ਕਰਨੀ ਹੁੰਦੀ ਤਾਂ ਉਸ ਬਾਲੜੀ ਨਾਚੀ ਨੂੰ ਉਸੇ ਵਕਤ ਚੁੱਕ ਲਿਆਉਣਾ ਸੀ, "ਉਹ… ਹਾਂ… ਹਾਂ… ਚੇਤਾ ਆਇਆ… ਕੀ ਇਹ ਉਹੀ ਹੈ?"
"ਹਾਂ ਹਜ਼ੂਰ… ਹੁਣ ਤਾਂ ਖਾਸੀ ਨਿੱਖਰ ਆਈ ਹੈ।" ਨਾਲ ਦਾ ਖੁਲ੍ਹੇ ਵਾਲਾਂ ਵਾਲਾ ਕਾਣੀ ਅੱਖ ਵਾਲੇ ਵੱਲ ਟੇਢਾ ਜਿਹਾ ਝਾਕ ਕੇ ਬੋਲਦਾ ਹੈ।
ਕਾਣੀ ਅੱਖ ਵਾਲਾ ਘੋੜ ਸਵਾਰ ਆਪਣੇ ਲੱਕ ਨਾਲ ਬੰਨ੍ਹੀ ਸਿੱਕਿਆਂ ਦੀ ਥੈਲੀ ਖੋਲ੍ਹਦਾ ਹੈ ਤੇ ਆਪਣੇ ਉਸੇ ਸਾਥੀ ਵੱਲ ਵਗਾਹ ਕੇ ਮਾਰਦਾ ਹੈ। ਉਸ ਦਾ ਸਾਥੀ ਜਿਉਂ ਹੀ ਥੈਲੀ ਬੋਚਦਾ ਹੈ ਤਾਂ ਕਾਣੀ ਅੱਖ ਵਾਲਾ ਘੋੜ ਸਵਾਰ ਹੁਕਮ ਕਰਦਾ ਹੈ, "ਗੁਲਾਬ ਸਿੰਘ, ਚੱਕ ਲਿਆਉ, ਅੱਜ ਤੋਂ ਇਹ ਸਿਰਫ ਲਾਹੌਰ ਦਰਬਾਰ ਵਿਚ ਹੀ ਮੁਜ਼ਰਾ ਕਰੇਗੀ।"
ਉਸਦੇ ਦੋਨੋਂ ਸਾਥੀ ਮੁਸਕੜੀਏ ਹੱਸਦੇ ਹਨ ਤੇ ਤੀਜਾ ਸੂਫੀਆਨਾ ਬਾਣੇ ਵਾਲਾ ਸਾਥੀ ਬੋਲਦਾ ਹੈ, "ਮਹਾਰਾਜ ਜਿਹੜੀ ਹਫਤਾ ਪਹਿਲਾਂ ਚੰਬੇ ਤੋਂ ਲਕਸ਼ਮੀ ਦੇਵੀ ਚੱਕ ਕੇ ਲਿਆਂਦੀ ਸੀ, ਉਸਦਾ ਕੀ ਬਣੇਗਾ?"
"ਅਜ਼ਾਜ਼-ਉੱਦ-ਦੀਨ, ਉਹਦਾ ਕੀ ਹੈ? ਉਹ ਤਾਂ ਮੇਰੇ ਹਰਮ ਵਿਚ ਹੈ। ਪਰ ਇਹ ਨਾਇਯਾਬ ਹੀਰਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ। ਤੁਸੀਂ ਤਾਂ ਜਾਣਦੇ ਹੀ ਹੋ ਰਣਜੀਤ ਸਿੰਘ ਆਹਲਾ ਨਸਲ ਦੀ ਸ਼ਿਕਾਰੀ ਕੁੱਤੀ, ਫੁਰਤੀਲੀ ਘੋੜੀ ਤੇ ਸੁੰਦਰ ਇਸਤਰੀ ਕਿਸੇ ਹੋਰ ਕੋਲ ਰਹਿਣ ਨਹੀਂ ਦਿੰਦਾ।" ਮਹਾਰਾਜਾ ਰਣਜੀਤ ਸਿੰਘ ਦੀ ਇਕੋ ਅੱਖ ਮੋਰਾਂ ਉੱਤੇ ਇਕਾਗਰ ਹੋਈ ਰਹਿੰਦੀ ਹੈ।
ਫਕੀਰ ਅਜ਼ਾਜ਼-ਉੱਦ-ਦੀਨ ਟਿੱਚਰੀ ਲਹਿਜ਼ੇ ਵਿਚ ਬੋਲਦਾ ਹੈ, "ਮਹਾਰਾਜ, ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਗੇ। ਇਹ ਕੰਮ ਹੋ ਜਾਏਗਾ।ਆਪਾਂ ਛੇਤੀ ਕੰਮ ਨਿਪਟਾਈਏ ਤੇ ਵਾਪਸ ਮਹਿਲ ਨੂੰ ਚੱਲੀਏ।"
"ਨਹੀਂ ਅੱਜ ਹੋਰ ਕੁਝ ਨਹੀਂ ਕਰਨਾ। ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲਦ ਮਹਾਂ ਸਿੰਘ ਦਾ ਹੁਕਮ ਐ। ਇਹਨੂੰ ਹੁਣੇ ਚੱਕ ਕੇ ਲਿਆਉ। ਮੈਂ ਘੋੜੇ 'ਤੇ ਆਪਣੇ ਨਾਲ ਬਿਠਾ ਕੇ ਲਿਜਾਣੀ ਹੈ। ਅੱਜ ਦੀ ਰਾਤ ਦੇ ਸਾਰੇ ਕੰਮ ਖਾਰਜ।" ਐਨਾ ਕਹਿੰਦਿਆਂ ਮਹਾਰਾਜੇ ਨੇ ਹੱਥ ਵਿਚ ਫੜੀ ਸੁਰਾਹੀ ਫੇਰ ਮੂੰਹ ਨੂੰ ਲਾ ਲਈ। ਉਸ ਵਿਚ ਸ਼ਰਾਬ ਦਾ ਇਕ ਵੀ ਤੁਬਕਾ ਨਹੀਂ ਹੈ। ਅਜਿਹਾ ਦੇਖਦਿਆਂ ਡੋਗਰੇ ਗੁਲਾਬ ਸਿੰਘ ਨੇ ਆਪਣੀ ਸੁਰਾਹੀ ਮਹਾਰਾਜੇ ਦੇ ਹਵਾਲੇ ਕਰ ਦਿੱਤੀ। ਮਹਾਰਾਜਾ ਇਕੋ ਸਾਹ ਘੁੱਟਾਂ-ਬਾਟੀ ਸ਼ਰਾਬ ਦੀ ਅੱਧੀ ਸੁਰਾਹੀ ਖਾਲੀ ਕਰ ਦਿੰਦਾ ਹੈ ਤੇ ਗੁਲਾਬ ਸਿੰਘ ਵੱਲ ਤੱਕਦਾ ਹੈ।
"ਮਹਾਰਾਜ, ਤੁਸੀਂ ਮਹੱਲ ਚੱਲੋ, ਦਾਤਾਰ ਕੌਰ (ਰਾਣੀ ਰਾਜ ਕੌਰ ਜਿਸਦਾ ਨਾਂ ਮਹਾਰਾਜੇ ਨੇ ਬਦਲ ਦਿੱਤਾ ਸੀ ਕਿਉਂਕਿ ਰਾਜ ਕੌਰ ਉਸਦੀ ਮਾਤਾ ਦਾ ਵੀ ਨਾਮ ਸੀ) ਤੁਹਾਡਾ ਇੰਤਜ਼ਾਰ ਕਰ ਰਹੇ ਹੋਣਗੇ। ਮੈਂ ਇਸ ਨੂੰ ਅੱਧੀ ਰਾਤੋਂ ਕਿਲ੍ਹੇ ਦੇ ਪਿਛਲੇ ਦਰਵਾਜ਼ੇ ਰਾਹੀਂ ਲਿਆ ਕੇ ਤੁਹਾਨੂੰ ਪੇਸ਼ ਕਰਦਾ ਹਾਂ।"
"ਹਾਂ ਇਹ ਠੀਕ ਰਹੇਗਾ। ਇਸ ਨਾਲ ਲਾਹੌਰ ਸਰਕਾਰ ਦੀ ਬਦਨਾਮੀ ਵੀ ਨਹੀਂ ਹੋਵੇਗੀ।" ਫਕੀਰ ਅਜ਼ਾਜ਼-ਉੱਦ-ਦੀਨ ਹਾਮੀ ਭਰਦਾ ਹੈ।
ਬਨੇਰੇ 'ਤੇ ਖੜ੍ਹੀ ਮੋਰਾਂ ਦੀ ਅਚਾਨਕ ਨਜ਼ਰ ਰਣਜੀਤ ਸਿੰਘ ਨਾਲ ਮਿਲਦੀ ਹੈ ਤੇ ਉਸਦੀ ਅੱਖ ਵਿਚ ਅੱਖਾਂ ਪਾ ਕੇ ਸਿਰ ਨੂੰ ਇਕ ਪਾਸੇ ਵੱਲ ਝਟਕਾ ਮਾਰਦੀ ਹੋਈ ਉਸਨੂੰ ਉੱਪਰ ਆਉਣ ਦਾ ਇਸ਼ਾਰਾ ਕਰਦੀ ਹੈ।ਫਿਰ ਹਸਦੀ ਹੋਈ ਅੰਦਰ ਭੱਜ ਜਾਂਦੀ ਹੈ।
"ਹਾਏ! ਮੈਂ ਮਰਜਾਂ। ਅਫਗਾਨੀ ਨੇਜੇ ਆਂਗੂ ਖੁੱਭ ਗਈ।" ਰਣਜੀਤ ਸਿੰਘ ਕਾਲਜੇ 'ਤੇ ਹੱਥ ਰੱਖ ਕੇ ਦੰਦ ਪੀਂਹਦਾ ਹੋਇਆ ਬੋਲਦਾ ਹੈ।
ਉਥੋਂ ਉਹ ਚੱਲਣ ਹੀ ਲੱਗਦੇ ਹਨ ਕਿ ਗੌਸ ਖਾਨ ਆ ਜਾਂਦਾ ਹੈ, "ਸਿੰਘ ਸਾਹਿਬ, ਮੈਂ ਦਾਣਾ ਮੰਡੀਓ ਆ ਰਿਹਾ ਹਾਂ। ਵਪਾਰੀਆਂ ਨੇ ਅਨਾਜ਼ ਦੀ ਕਿੱਲਤ ਹੋਣ ਦੀ ਵਜ੍ਹਾ ਕਾਰਨ ਦਾਮ ਕਾਫੀ ਵਧਾ ਦਿੱਤੇ ਹਨ। ਸਾਰੀ ਪਰਜਾ ਮਹਿੰਗਿਆਈ ਕਾਰਨ ਕੁਰਲਾ ਰਹੀ ਹੈ।"
"ਠੀਕ ਹੈ, ਕੱਲ੍ਹ ਤੋਂ ਸ਼ਾਹੀ ਅਨਾਜ਼ ਦੇ ਭੰਡਾਰਿਆਂ ਦੇ ਮੂੰਹ ਖੋਲ੍ਹ ਕੇ ਸਾਰਾ ਅਨਾਜ਼ ਗਰੀਬਾਂ ਵਿਚ ਤਕਸੀਮ ਕਰ ਦੇਵੋ। ਵਪਾਰੀਆਂ ਦੀ ਅਕਲ ਆਪੇ ਟਿਕਾਣੇ ਆ ਜਾਵੇਗੀ।" ਮਹਾਰਾਜਾ ਰਣਜੀਤ ਸਿੰਘ ਮੌਕੇ 'ਤੇ ਆਪਣਾ ਫੈਸਲਾ ਸੁਣਾ ਦਿੰਦਾ ਹੈ।
ਚਾਰੋ ਘੋੜਸਵਾਰ ਹਨੇਰੇ ਨੂੰ ਚੀਰਦੇ ਹੋਏ ਸ਼ਾਹੀ ਕਿਲ੍ਹੇ ਵੱਲ ਰਵਾਨਾ ਹੋ ਜਾਂਦੇ ਹਨ।…

ਕਹਾਣੀ ਦਾ ਅਗਲਾ ਭਾਗ 2 ਦੇਖੋ ਜੀ।